ਖੰਗੂੜਾ ਨੇ ਸੁਖਬੀਰ ਨੂੰ ਪੁੱਛਿਆ ਕਿ ਕਿਧਰ ਗਈ ਮੈਟਰੌ? - 31/08/2010
ਲੁਧਿਆਣਾ –ਕਿਲਾ ਰਾਇਪੁਰ ਹਲਕੇ ਦੇ ਐਮ.ਐਲ.ਏ. ਜੱਸੀ ਖੰਗੂੜਾ ਨੇ, ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਪੁੱਛਿਆ ਹੈ ਕਿ ਉਹਨਾਂ ਵਲੋਂ ਬੇਹੱਦ ਪ੍ਰਚਾਰੇ ਗਏ ਉਸ ਮੈਟਰੋ ਰੇਲ ਪ੍ਰਾਜੈਕਟ ਦਾ ਕੀ ਬਣਿਆ,ਜੀਹਨੂੰ ਲੁਧਿਆਣਾ ਸ਼ਹਿਰ ਵਿੱਚ ਸਿਰੇ ਚੜਾਉਣ ਦਾ ਵਾਅਦਾ ਉਨਾਂ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਅਤੇ ਬਾਅਦ ਦਰਜਨਾਂ ਵਾਰ ਕੀਤਾ ਸੀ।
ਅੱਜ ਇੱਥੇ ਜਾਰੀ ਇੱਕ ਬਿਆਨ ਵਿੱਚ ਸ੍ਰੀ ਖੰਗੂੜਾ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਦਾਅਵਾ ਕੀਤਾ ਸੀ ਕਿ ਉਹ ਲੁਧਿਆਣਾ ਸ਼ਹਿਰ ਨੂੰ ਪੈਰਿਸ ਬਣਾ ਦੇਣਗੇ, ਪਰ ਪੈਰਿਸ ਤਾਂ ਇੱਕ ਪਾਸੇ ਲੁਧਿਆਣਾ ਸ਼ਹਿਰ ਦੀ ਹਾਲਤ ਅਕਾਲੀ-ਭਾਜਪਾ ਆਉਣ ਤੋਂ ਬਾਅਦ ਪਹਿਲਾਂ ਨਾਲੋਂ ਵੀ ਮਾੜੀ ਹੋ ਗਈ ਹੈ।ਸ਼ਹਿਰ ਦੀਆਂ ਗਲੀਆਂ ਅਤੇ ਵੱਡੀਆਂ ਸੜਕਾਂ ਟੁੱਟੀਆਂ ਪਈਆਂ ਨੇ, ਸੀਵਰੇਜ ਸਿਸਟਮ ਅਤੇ ਸੜਕਾਂ ਤੇ ਟ੍ਰੈਫਿਕ ਜਾਮ ਹੋਣਾ ਇੱਕ ਆਮ ਜਹੀ ਗੱਲ ਬਣ ਗਈ ਹੈ।ਸ਼ਹਿਰ ਵਿੱਚ ਗੰਦਗੀ ਦਾ ਜੋ ਆਲਮ ਹੈ ਉਸਦੀ ਤਾਂ ਗੱਲ ਹੀ ਛੱਡੋ।
ਜੱਸੀ ਖੰਗੂੜਾ ਨੇ ਕਿਹਾ ਕਿ ਮੈਟਰੋ ਰੇਲ ਦੀ ਗੱਲ ਤਾਂ ਇੱਕ ਪਾਸੇ ਰਹੀ, ਪੰਜਾਬ ਸਰਕਾਰ ਸ਼ਹਿਰ ਵਿੱਚ ਸਿਟੀ ਬਸ ਸਰਵਿਸ ਚਾਲੂ ਕਰਨ ਦਾ ਉਹ ਛੋਟਾ ਜਿਹਾ ਕੰਮ ਵੀ ਸਿਰੇ ਨਹੀਂ ਚਾੜ ਸਕੀ ਜਿਸ ਖਾਤਰ ਉਹ ਕੇਂਦਰ ਸਰਕਾਰ ਤੋਂ ਜਵਾਹਰ ਸ਼ਹਿਰੀ ਨਵੀਨੀਕਰਨ ਮਿਸ਼ਨ ਤਹਿਤ ਵਿਸ਼ੇਸ਼ ਗਰਾਂਟ ਵੀ ਹਾਸਲ ਕਰ ਚੁੱਕੀ ਹੈ।ਉਨਾਂ ਕਿਹਾ ਕਿ ਸੁਖਬੀਰ ਬਾਦਲ ਵਿਕਾਸ ਬਾਰੇ ਆਪਣੇ ਸਾਰੇ ਵਾਅਦਿਆਂ ਤੋਂ ਇੱਕ ਕਿਸਮ ਨਾਲ ਮੁੱਕਰਿਆ ਖੜਾ ਹੈ ਅਤੇ ਆਪਣੇ ਸਿਆਸੀ ਵਿਰੋਧੀਆਂ ਨੂੰ ਪ੍ਰੇਸ਼ਾਨ ਕਰਨਾ ਹੀ ਉਸਦੀ ਇੱਕੋ ਇੱਕ ਪ੍ਰਾਪਤੀ ਹੈ।
ਕਾਂਗਰਸੀ ਐਮ.ਐਲ.ਏ. ਨੇ ਦੋਸ਼ ਲਾਇਆ ਕਿ ਪੰਜਾਬ ਦਾ ਉੱਪ ਮੁੱਖ ਮੰਤਰੀ ਵੱਲੋਂ ਵਿਕਾਸ ਪ੍ਰਾਜੈਕਟਾਂ ਦੇ ਦੁਬਾਰਾ- ਦੁਬਾਰਾ ਨੀਂਹ ਪੱਥਰ ਰੱਖ ਕੇ ਲੁਧਿਆਣਾ ਵਾਸੀਆ ਨੂੰ ਮੂਰਖ ਬਣਾ ਰਿਹਾ ਹੈ।ਇਸ ਦੀ ਮਿਸਾਲ ਦਿੰਦਿਆਂ ਉਨਾਂ ਆਖਿਆ ਕਿ ਬੀਤੇ ਦਿਨੀ ਉੱਪ ਮੁੱਖ ਮੰਤਰੀ ਨੇ ਅਗਰ ਨਗਰ ਨੇੜੇ ਸੜਕ ਪਾਰ ਕਰਨ ਵਾਲੇ ਜ਼ਮੀਨ ਦੇ ਰਸਤੇ ਦਾ ਨੀਂਹ ਪੱਥਰ ਦੁਬਾਰਾ ਰੱਖਿਆ ਗਿਆ ਹੈ।ਇਸ ਤੋਂ ਪਹਿਲਾਂ ਇਸੇ ਰਸਤੇ ਦਾ ਨੀਂਹ ਪੱਥਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਪਿਛਲੀ ਸਰਕਾਰ ਮੌਕੇ ਵੀ ਰੱਖਿਆ ਸੀ।ਜੱਸੀ ਖੰਗੂੜਾ ਨੇ ਕਿਹਾ ਪੰਜਾਬ ਸਰਕਾਰ ਵਲੋਂ ਜਿਹੜੇ ਵਿਕਾਸ ਕਾਰਜ ਚਲ ਰਹੇ ਨੇ, ਉਹ ਜਾਂ ਤਾਂ ਕੇਂਦਰ ਸਰਕਾਰ ਵੱਲੋਂ ਮਿਲੀ ਗਰਾਂਟ ਨਾਲ ਚਲ ਰਹੇ ਨੇ ਜਾਂ ਉਹ ਪੰਜਾਬ ਦੀ ਪਿਛਲੀ ਕਾਂਗਰਸ ਸਰਕਾਰ ਵੱਲੋਂ ਸ਼ੁਰੂ ਕੀਤੇ ਹੋਏ ਨੇ।ਉਨਾਂ ਨੇ ਸੁਖਬੀਰ ਬਾਦਲ ਨੂੰ ਸਲਾਹ ਦਿੱਤੀ ਕਿ ਉਹ ਜ਼ੁਬਾਨੀ ਦਾਅਵਿਆਂ ਅਤੇ ਵਾਅਦਿਆ ਦੀ ਬਜਾਇ ਆਪਣੀ ਸਰਕਾਰ ਦੀ ਸਾਢੇ 3 ਸਾਲਾਂ ਦੀ ਵਿਕਾਸ ਦੇ ਮੁਹਾਜ਼ ਤੇ ਕਾਰਗੁਜ਼ਾਰੀ ਬਾਰੇ ਲੇਖਾ ਜੋਖਾ ਲਿਖਤੀ ਤੌਰ ਤੇ ਲੋਕਾਂ ਦੇ ਸਾਹਮਣੇ ਰੱਖੇ।