ਬੇਰੁਜ਼ਗਾਰਾ ਨਾਲ ਲਾਠੀਚਾਰਜ ਦੀ ਥਾਂ, ਗੱਲ ਕਰੋ :ਖੰਗੂੜਾ - 06/09/2010
ਲੁਧਿਆਣਾ, 6 ਸਿਤੰਬਰ – ਕਿਲਾ ਰਾਏਪੁਰ ਦੇ ਐਮ.ਐਲ.ਏ. ਜੱਸੀ ਖੰਗੂੜਾ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਕਿਹਾ ਹੈ ਕਿ ਓਹ ਪੜੇ ਲਿਖੇ ਬੇਰੁਜ਼ਗਾਰਾਂ ਨਾਲ ਗੱਲ ਬਾਤ ਕਰਨ ਲਈ ਇੱਕ ਟਾਸਕ ਫੋਰਸ ਕਾਇਮ ਕਰਨ ਜਿਹੜੇ ਬੀਤੇ ਵਰਿਆਂ ਤੋਂ ਲਗਾਤਾਰ ਮੁਹਾਜਰੇ ਕਰ ਰਹੇ ਨੇ। ਅੱਜ ਇੱਥੇ ਜਾਰੀ ਇੱਕ ਬਿਆਨ ਵਿੱਚ ਸ਼੍ਰੀ ਖੰਗੂੜਾ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਇਨਾਂ ਬੇਰੁਜ਼ਗਾਰਾਂ ਤੇ ਡਾਂਗਾਂ ਵਰਾਉਣ ਦੀ ਥਾਂ ਤੇ ਉਨ੍ਹਾਂ ਦੀ ਗੱਲ ਸੁਣੋ।
ਕਾਂਗਰਸੀ ਐਮ.ਐਲ.ਏ ਨੇ ਕਿਹਾ ਕਿ ਨਿੱਤ ਨਵੀਂ ਸਵੇਰ ਅੱਖਬਾਰਾਂ ਦੇ ਮੁੱਖ ਪੰਨਿਆਂ ਤੇ ਪੁਲਿਸ ਵੱਲੋਂ ਬੇ-ਰੁਜ਼ਗਾਰਾਂ ਤੇ ਬੇਰਹਿਮੀ ਨਾਲ ਲਾਠੀਚਾਰਜ ਦੀਆਂ ਫੋਟੋਆਂ ਛਪੀਆਂ ਹੁੰਦੀਆਂ ਨੇ, ਇੰਜ ਜਾਪਦਾ ਹੈ ਕਿ ਜਿਵੇਂ ਇਹ ਲਾਠੀਚਾਰਜ, ਪੰਜਾਬ ਸਰਕਾਰ ਦੀ ਪਛਾਣ ਬਣ ਗਿਆ ਹੋਵੇ। ਬੀਤੇ ਦਿਨੀ ਇੱਕ ਬੇਰੁਜ਼ਗਾਰ ਲੜਕੀ ਮੁਜਾਹਰੇ ਦੌਰਾਨ ਮਾਰੀ ਗਈ ਹੈ। ਸ਼੍ਰੀ ਖੰਗੂੜਾਂ ਨੇ ਮੁੱਖ ਮੰਤਰੀ ਨੂੰ ਸੁਝਾਅ ਦਿੱਤਾ ਕਿ ਬੇਰੁਜ਼ਰਾਰਾਂ ਨਾਲ ਗੱਲ ਕਰਨ ਵਾਲੀ ਟਾਸਕ ਫੋਰਕ ਵਿੱਚ ਸਰਕਾਰੀ ਵਿਅਕਤੀਆਂ ਤੋਂ ਇਲਾਵਾ ਬੇਰੁਜ਼ਗਾਰਾਂ ਦੇ ਨੁਮਾਇੰਦੇ ਵੀ ਹੋਣ।
ਸ਼੍ਰੀ ਬਾਦਲ ਨੂੰ ਉਨ੍ਹਾਂ ਵੱਲੋਂ ਬੇਰੁਜ਼ਗਾਰਾਂ ਨਾਲ ਕੀਤਾ ਵਾਅਦਾ ਚੇਤੇ ਕਰਾਉਂਦਿਆਂ ਜੱਸੀ ਖੰਗੂੜਾ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਚੋਣਾਂ ਮੌਕੇ ਇਹ ਯਕੀਨਦਹਾਰੀ ਕਰਾਈ ਸੀ ਕਿ ਅਕਾਲੀ ਸਰਕਾਰ ਆੳੇਣ ਤੇ ਸਾਰੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਤੇ ਲਾ ਦਿੱਤਾ ਜਾਵੇਗਾ। ਸ਼੍ਰੀ ਬਾਦਲ ਨੇ ਇਸ ਵਾਅਦੇ ਤੇ ਯਕੀਨ ਕਰਨ ਵਾਲਿਆਂ ਨੂੰ ਹੁਣ ਰੁਜ਼ਗਾਰ ਦੀ ਥਾਂ ਤੇ ਡਾਂਗਾਂ ਦੀ ਕੁੱਟ ਮਿਲ ਰਹੀ ਹੈ। ਸ਼੍ਰੀ ਖੰਗੂੜਾ ਨੇ ਕਿਹਾ, ਬਾਦਲ ਸਾਹਬ! ਡਾਂਗਾਂ ਦੀ ਥਾਂ ਤੇ ਮਸਲਾ ਹੱਲ ਕਰੋ। ਉਨ੍ਹਾਂ ਕਿਹਾ ਕਿ ਅਧਿਆਪਕ ਦਿਵਸ ਤੇ, ਅਧਿਆਪਕਾਂ ਦੀ ਯੋਗਤਾ ਰੱਖਦੇ ਨੌਜੁਆਨਾਂ ਨੂੰ ਕੁੱਟਣਾ ਬਹੁਤ ਹੀ ਨਿੰਦਣਯੋਗ ਹੈ। ਅਮ੍ਰਿਤਸਰ ਵਿੱਚ ਇੱਕ ਪਾਸੇ ਤਾਂ, ਹਾਲ ਵਿੱਚ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਸੀ ਜਦਕਿ ਹਾਲ ਤੋਂ ਬਾਹਰ, ਹੋਣ ਵਾਲੇ ਅਧਿਆਪਕਾਂ ਦੀ ਗਿੱਦੜਕੁੱਟ ਕੀਤੀ ਜਾ ਰਹੀ ਹੈ।
ਸ਼੍ਰੀ ਖੰਗੂੜਾ ਨੇ ਕਿਹਾ ਕਿ ਸਰਕਾਰ ਇੱਕ ਪਾਸੇ ਤਾਂ ਆਪਣੇ ਵਾਅਦੇ ਤੋਂ ਮੁੱਕਰੀ ਹੈ ਦੂਜਾ ਪਾਸੇ ਓਹ ਵਾਅਦੇ ਨੂੰ ਚੇਤੇ ਕਰਾਉਣ ਵਾਲੀ ਅਵਾਜ਼ ਨੂੰ ਦਬਾ ਰਹੀ ਹੈ। ਆਪਣੀ ਹੱਕੀ ਅਵਾਜ਼ ਬੁਲੰਦ ਕਰਨ ਨੂੰ ਕੁੱਟ ਕੁੱਟ ਕੇ ਖੂੰਜੇ ਲਾਉਣਾ, ਸੱਭਿਅਕ ਸਮਾਜ ਤੇ ਧੱਬਾ ਹੈ। ਜਿਵੇਂ ਜਿਵੇਂ ਬੇਰੁਜ਼ਗਾਰ ਨੋਜੁਆਨਾਂ ਨੂੰ ਆਪਣਾ ਭਵਿੱਖ ਧੁੰਦਲਾ ਦਿਸੇਗਾ, ਉਵੇਂ ਉਵੇਂ, ਪੰਜਾਬ ਚ ਪਹਿਲਾਂ ਹੀ ਚਲ ਰਹੀ ਨਸ਼ੇਖੋਰੀ ਵਿੱਚ ਹੋਰ ਵਾਧਾ ਹੁੰਧਾ ਜਾਵੇਗਾ।
ਮੁੱਖ ਮੰਤਰੀ ਨੂੰ ਚਿਤਾਵਨੀ ਦਿੰਦਿਆਂ ਕਾਂਗਰਸੀ ਐਮ.ਐਲ.ਏ ਨੇ ਆਖਿਆ ਕਿ ਹਰੇਕ ਮੁਜਾਹਰਾਕਾਈ ਨੂ ਕੁੱਟ ਕੁੱਟ ਵਾਹਣੀ ਪਾ ਦੇਣ ਵਾਲੀ ਨੀਤੀ ਅੰਤ ਸਰਕਾਰ ਨੂੰ ਮਹਿੰਗੀ ਪਵੇਗੀ। ਡਾਂਗਾ ਖਾਣ ਵਾਲੇ ਬੇਰੁਜ਼ਗਾਰ ਸ਼੍ਰੀ ਬਾਦਲ ਨੂੰ ਡਾਂਗਾਂ ਦਾ ਜੁਆਬ ਵੋਟਾਂ ਵੇਲੇ ਦੇਵਾਂਗੇ।